ਜੇ ਆਈ ਪੱਤਝੜ ਤਾਂ ਫੇਰ ਕੀ ਹੈ Surjeet Patar

Heart Touching Lines Written by Honorable Punjabi Writer Resp. Surjit Pattar:-

ਜੇ ਆਈ ਪੱਤਝੜ ਤਾਂ ਫੇਰ ਕੀ ਹੈ,
ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ |
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ||

ਕਿਸੇ ਵੀ ਸ਼ੀਸ਼ੇ ‘ਚ ਅਕਸ ਆਪਣਾ,
ਗੰਧਲਦਾ ਤੱਕ ਨ ਉਦਾਸ ਹੋਵੀਂ |
ਸਜਨ ਦੀ ਨਿਰਮਲ ਨਦਰ ‘ਚ ਹਰਦਮ,
ਤੂੰ ਧਿਆਨ ਅਪਣੇ ਨੁੰ ਲੀਨ ਰੱਖੀਂ ||

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ,
ਕਿ ਸ਼ੀਸ਼ੀਆਂ ‘ਚ ਵਿਕਾਰ ਪਾਵੋ |
ਤੇ ਸ਼ਖਸੋਂ ਪਹਿਲਾਂ ਹੀ ਅਕਸ ਮਾਰੋ,
ਸੋ ਖੁਦ ‘ਚ ਪੂਰਾ ਯਕੀਨ ਰੱਖੀਂ ||

ਲਿਬਾਸ ਮੰਗਾਂ ਨ ਓਟ ਮੰਗਾਂ,
ਨ ਪਰਦਾਦਾਰੀ ਦਾ ਖੋਟ ਮੰਗਾਂ |
ਬੱਸ ਅਪਣੀ ਉਲਫਤ ਦੇ ਉਹਲਿਆਂ ਵਿਚ,
ਤੂੰ ਮੈਨੂੰ ਪਰਦਾਨਸ਼ੀਨ ਰੱਖੀਂ ||

ਪਤਾ ਨਾ ਲੱਗੇ ਇਹ ਚੰਨ ਤਾਰੇ,
ਬਦਨ ਹੈ ਜਾਂ ਕਿ ਲਿਬਾਸ ਤੇਰਾ |
ਤੂੰ ਅਪਣੀ ਕੁਦਰਤ ਤੇ ਅਪਣੇ ਵਿਚਲਾ,
ਇਹ ਪਰਦਾ ਇਉਂ ਹੀ ਮਹੀਨ ਰੱਖੀਂ ||

ਮਿਲਾਪ ਵਿਚ ਵੀ ਕੋਈ ਵਿਛੋੜਾ,
ਹਮੇਸ਼ ਰਹਿੰਦਾ ਏ ਥੋੜਾ ਥੋੜਾ |
ਘੁਲੇ ਪਲਾਂ ‘ਚ ਕਹੇ ਕੋਈ,
ਨ ਘੁਲੇ ਰਹਿਣ ਦਾ ਯਕੀਨ ਰੱਖੀਂ ||

ਨਹੀਂ ਮੁਹੱਬਤ ਕੋਈ ਮਸੀਹਾ,
ਹੈ ਕਿਸਮ ਅਪਣੀ ਦਾ ਇਹ ਤਸੀਹਾ |
ਇਹ ਤਪਦੇ ਸਹਿਰਾ ‘ਚ ਮਿਰਗਜਲ ਹੈ,
ਨ ਇਸ ‘ਚ ਦਿਲ ਦੀ ਤੂੰ ਮੀਨ ਰੱਖੀਂ ||

ਅਗਨ ‘ਚ ਬਲ ਕੇ ਹਵਾ ‘ਚ ਰਲ ਕੇ,
ਨ ਆਉਣਾ ਦੇਖਣ ਅਸਾਂ ਨੇ ਭਲਕੇ |
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ,
ਪਾਕ ਰੱਖੀਂ ਮਲੀਨ ਰੱਖੀਂ ||

ਹਨੇਰਿਆਂ ਦਾ ਇਲਾਜ਼ ਕੀ ਹੈ,
ਇਹ ਹੁਝ ਕੇ ਜੀਣਾ ਰਿਵਾਜ ਕੀ ਹੈ ||
ਬਲਣ ਬਿਨਾਂ ਹੀ ਮਿਲੇਗਾ ਚਾਨਣ,
ਇਹ ਆਸ ਦਿਲ ਵਿਚ ਕਦੀ ਨ ਰੱਖੀਂ ||

ਵਫਾ ਦੇ ਵਾਅਦੇ, ਇਹ ਅਹਿਦੇ ਇਰਾਦੇ,
ਰਹੀ ਨ ਸ਼ਿੱਦਤ ਤਾਂ ਫੇਰ ਕਾਹਦੇ ||
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ,
ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ ||

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ,
ਖਿਲਾਵਾਂ ਅੰਦਰ ਕੀ ਉੱਗਣਾ ਹੈ ||
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ,
ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ ||

ਬੁਰੇ ਦਿਨਾਂ ਤੋਂ ਡਰੀਂ ਨ ਪਾਤਰ,
ਭਲੇ ਦਿਨਾਂ ਨੂੰ ਲਿਆਉਣ ਖਾਤਰ ||
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ,
ਨਜ਼ਰ ‘ਚ ਸੁਪਨੇ ਹਸੀਨ ਰੱਖੀਂ……

ਵਿਚੋਂ :- ਸੁਰਜ਼ਮੀਨ
ਸੁਰਜੀਤ ਪਾਤਰ

Comments

Popular posts from this blog

यारी जदो दी फकीरा तेरे नाल लाइ आ - Most Inspirational Shabad

Feelings of Girls Related to their life

If MySql Stopped Working Unexpectedly in XAMPP Local Server